ਖ਼ਾਲਸਾ ਬਰਾਦਰੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਖ਼ਾਲਸਾ ਬਰਾਦਰੀ: ਇਹ ਸਿੱਖਾਂ ਦੀ ਇਕ ਅਜਿਹੀ ਸੰਸਥਾ ਸੀ ਜਿਸ ਦਾ ਮੂਲ ਆਸ਼ਾ ਪਛੜੀਆਂ ਹੋਈਆਂ ਜਾਤੀਆਂ ਵਾਲੇ ਸਿੱਖਾਂ ਦੇ ਹੱਕਾਂ ਦੀ ਰਾਖੀ ਕਰਨਾ ਸੀ। ਅਜਿਹੀ ਸੰਸਥਾ ਬਣਾਉਣ ਦਾ ਖ਼ਿਆਲ ਭਾਈ ਮਹਿਤਾਬ ਸਿੰਘ ਬੀਰ ਦੇ ਮਨ ਵਿਚ ਪੈਦਾ ਹੋਇਆ, ਕਿਉਂਕਿ ਉਹ ਖ਼ੁਦ ਮੁਸਲਮਾਨ ਤੋਂ ਸਿੱਖ ਬਣਿਆ ਸੀ ਅਤੇ ਉਸ ਨੂੰ ਕਈ ਪ੍ਰਕਾਰ ਦੀ ਤੰਗਨਜ਼ਰੀ ਦਾ ਸ਼ਿਕਾਰ ਹੋਣਾ ਪਿਆ ਸੀ। ਉਸ ਨੇ ਸੰਨ 1914 ਈ. ਵਿਚ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨੇੜੇ ਭਾਈ ਦਸੌਂਧਾ ਸਿੰਘ ਦੀ ਧਰਮਸ਼ਾਲਾ ਵਿਚ ਪਛੜੀਆਂ ਹੋਈਆਂ ਜਾਤੀਆਂ ਦੀ ਸਭਾ ਬੁਲਾਈ ਅਤੇ ਉਸ ਵਿਚ ‘ਖ਼ਾਲਸਾ ਬਰਾਦਰੀ’ ਦੀ ਸਥਾਪਨਾ ਕਰਨ ਦੀ ਘੋਸ਼ਣਾ ਕੀਤਾ। ਸਰਹਾਲਾ ਕਾਜ਼ੀਆਂ ਦੇ ਸ. ਈਸ਼ਰ ਸਿੰਘ ਨੂੰ ਇਸ ਸੰਸਥਾ ਦਾ ਪ੍ਰਧਾਨ ਅਤੇ ਭਾਈ ਮਹਿਤਾਬ ਸਿੰਘ ਨੂੰ ਜਨਰਲ ਸਕੱਤਰ ਬਣਾਇਆ ਗਿਆ।

            ਇਸ ਸੰਸਥਾ ਦਾ ਮੁੱਖ ਉਦੇਸ਼ ਪਛੜੀਆਂ ਹੋਈਆਂ ਜਾਤੀਆਂ ਵਾਲਿਆਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾਉਣਾ ਅਤੇ ਉਨ੍ਹਾਂ ਵਿਚ ਸਮਾਜਿਕ ਸੁਧਾਰ ਲਿਆਉਣਾ ਸੀ। ਇਸ ਦਾ ਕੇਂਦਰੀ ਦਫ਼ਤਰ ਅੰਮ੍ਰਿਤਸਰ ਵਿਚ ਬਣਾਇਆ ਗਿਆ ਅਤੇ ਕਈਆਂ ਜ਼ਿਲ੍ਹਿਆਂ ਵਿਚ ਇਸ ਦੀਆਂ ਸ਼ਾਖਾਵਾਂ ਖੋਲੀਆਂ ਗਈਆਂ। ਸੰਸਥਾ ਦੇ ਆਸ਼ੇ ਦੇ ਪ੍ਰਚਾਰ ਲਈ ‘ਬੀਰ’ ਨਾਂ ਦਾ ਹਫ਼ਤਾਵਰੀ ਮੈਗਜ਼ੀਨ ਵੀ ਸ਼ੁਰੂ ਕੀਤਾ ਗਿਆ। ਇਸ ਸੰਸਥਾ ਨੇ 11 ਅਤੇ 12 ਅਕਤੂਬਰ 1920 ਈ. ਨੂੰ ਜਲਿਆਂ ਵਾਲੇ ਬਾਗ਼ ਵਿਚ ਇਕ ਭਾਰੀ ਦੀਵਾਨ ਸਜਾਇਆ ਜਿਸ ਵਿਚ ਪੜ੍ਹੇ-ਲਿਖੇ ਅਤੇ ਅਗਾਂਹਵਧੂ ਵਿਚਾਰਧਾਰਾ ਵਾਲਿਆਂ ਨੇ ਖੁਲ੍ਹ ਕੇ ਆਪਣੇ ਵਿਚਾਰ ਪ੍ਰਗਟ ਕੀਤੇ।

            ਉਪਰੋਕਤ ਦੀਵਾਨ ਵਿਚ ਬਹੁਤ ਸਾਰੇ ਰਾਮਦਾਸੀਆਂ ਨੂੰ ਅੰਮ੍ਰਿਤ ਛਕਾ ਕੇ ਉਨ੍ਹਾਂ ਵਲੋਂ ਤਿਆਰ ਕੀਤੇ ਕੜਾਹ- ਪ੍ਰਸ਼ਾਦ ਨੂੰ ਦਰਬਾਰ ਸਾਹਿਬ ਵਿਚ ਚੜ੍ਹਾਉਣ ਲਈ ਨਵੇਂ ਬਣੇ ਸਿੰਘਾਂ ਦਾ ਜੱਥਾ ਲੈ ਕੇ ਗਿਆ। ਪਰ ਪੁਜਾਰੀਆਂ ਨੇ ਨ ਕੜਾਹ ਪ੍ਰਸ਼ਾਦ ਚੜ੍ਹਾਉਣ ਦਿੱਤਾ ਅਤੇ ਨ ਹੀ ਅਰਦਾਸ ਕੀਤੀ। ਆਖ਼ਿਰ ਇਸ ਸਮਸਿਆ ਦੇ ਸਮਾਧਾਨ ਸੰਬੰਧੀ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲਿਆ ਗਿਆ, ਜੋ ਮਜ਼ਹਬੀ ਸਿੰਘਾਂ ਪ੍ਰਤਿ ਉਦਾਰ ਭਾਵਨਾ ਦਾ ਸੂਚਕ ਸੀ। ਦਰਬਾਰ ਸਾਹਿਬ ਤੋਂ ਬਾਦ ਉਹ ਜੱਥਾ ਅਕਾਲ ਤਖ਼ਤ ਉਤੇ ਅਰਦਾਸ ਲਈ ਗਿਆ। ਉਥੋਂ ਦੇ ਪੁਜਾਰੀ ਤਖ਼ਤ ਤੋਂ ਖਿਸਕ ਗਏ। ਤੇਜਾ ਸਿੰਘ ਭੁੱਚਰ ਅਤੇ ਕਰਤਾਰ ਸਿੰਘ ਝੱਬਰ ਵਰਗੇ ਸੁਧਾਰਵਾਦੀ ਸਿੱਖਾਂ ਨੇ ਉਨ੍ਹਾਂ ਲਈ ਅਰਦਾਸ ਕੀਤੀ। ਉਦੋਂ ਹੀ ਇਕ 25 ਮੈਂਬਰੀ ਕਮੇਟੀ ਬਣਾਈ ਗਈ ਜਿਸ ਵਿਚ ਪਛੜੀਆਂ ਹੋਈਆਂ ਜਾਤਾਂ ਦੇ ਬੰਦੇ ਵੀ ਲਏ ਗਏ। ਇਸ ਦਾ ਉਦੇਸ਼ ਗੁਰਦੁਆਰਿਆਂ ਨੂੰ ਪੁਜਾਰੀਆਂ ਅਤੇ ਪਰੰਪਰਾ- ਵਾਦੀਆਂ ਤੋਂ ਆਜ਼ਾਦ ਕਰਾਉਣਾ ਸੀ ਅਤੇ ਪਛੜੀਆਂ ਹੋਈਆਂ ਜਾਤੀਆਂ ਵਾਲੇ ਸਿੱਖਾਂ ਪ੍ਰਤਿ ਬਰਾਬਰੀ ਦੀ ਭਾਵਨਾ ਦਾ ਵਿਕਾਸ ਕਰਨਾ ਸੀ। ਅਸਲ ਵਿਚ, ਇਹ ਇਕ ਪ੍ਰਕਾਰ ਦਾ ਗੁਰਦੁਆਰਾ ਸੁਧਾਰ ਲਹਿਰ ਦਾ ਉਦਘਾਟਨ ਸੀ।

            ਸੰਨ 1939-41 ਈ. ਦੌਰਾਨ ਇਸ ਸੰਸਥਾ ਨੇ ਧਰਮ-ਪ੍ਰਚਾਰ ਅਤੇ ਸਮਾਜ-ਸੁਧਾਰ ਲਈ ਬਹੁਤ ਪ੍ਰਚਾਰ ਕੀਤਾ। ਇਸ ਨਾਲ ਬਹੁਤ ਸਾਰੀਆਂ ਪਛੜੀਆਂ ਹੋਈਆਂ ਜਾਤਾਂ ਦੇ ਲੋਕ ਸਿੱਖ ਧਰਮ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਪ੍ਰਤਿਨਿਧਤਾ ਦਿੱਤੀ ਗਈ ਅਤੇ ਫ਼ੌਜ ਵਿਚ ਭਰਤੀ ਕਰਨ ਵਾਲੀ ਗੱਲ ਵੀ ਸਵੀਕਾਰੀ ਗਈ। ਇਸ ਤਰ੍ਹਾਂ ਸਿੱਖਾਂ ਵਿਚ ਉਦਾਰ-ਚੇਤਨਾ ਦਾ ਸੰਚਾਰ ਹੋਇਆ ਅਤੇ ਹੋਰਨਾਂ ਧਰਮਾਂ ਤੋਂ ਪਦ-ਦਲਿਤ ਲੋਕ ਸਿੱਖ ਬਣਨ ਲਈ ਸਰਗਰਮ ਹੋ ਗਏ। ਸੰਨ 1960 ਈ. ਵਿਚ ਭਾਈ ਮਹਿਤਾਬ ਸਿੰਘ ਦੇ ਦੇਹਾਂਤ ਅਤੇ ਇਸ ਸੰਸਥਾ ਦੇ ਬਹੁਤ ਸਾਰੇ ਉਦੇਸ਼ਾਂ ਦੀ ਪੂਰਤੀ ਹੋ ਜਾਣ ਕਾਰਣ ਇਸ ਦੀ ਆਪਣੇ ਆਪ ਸਮਾਪਤੀ ਹੋ ਗਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਖ਼ਾਲਸਾ ਬਰਾਦਰੀ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਖ਼ਾਲਸਾ ਬਰਾਦਰੀ: ਸਿੱਖਾਂ ਦੀਆਂ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਇਕ ਸਮਾਜਿਕ ਸੰਗਠਨ ਜਿਸ ਦੀ ਸਥਾਪਨਾ 1914 ਵਿਚ ਹੋਈ ਸੀ। ਇਸ ਦੀ ਸਥਾਪਨਾ ਦੇ ਪਿੱਛੇ ਭਾਈ ਮਹਿਤਾਬ ਸਿੰਘ ਬੀਰ ਦਾ ਉਤਸ਼ਾਹ ਸੀ। ਭਾਈ ਮਹਿਤਾਬ ਸਿੰਘ, ਮੌਲਵੀ ਕਰੀਮ ਬਖ਼ਸ਼ ਦਾ ਸੁਪੁੱਤਰ ਸੀ ਜਿਸ ਨੇ ਜੂਨ 1903 ਨੂੰ ਪਰਵਾਰ ਸਮੇਤ ਸਿੱਖੀ ਧਾਰਨ ਕੀਤੀ ਸੀ ਅਤੇ ਜਿਹੜੇ ਬਾਅਦ ਵਿਚ ਸੰਤ ਲਖਮੀਰ ਸਿੰਘ ਦੇ ਤੌਰ ‘ਤੇ ਮਸ਼ਹੂਰ ਹੋ ਗਏ ਸਨ। ਭਾਈ ਮਹਿਤਾਬ ਸਿੰਘ ਨੇ ਸ੍ਰੀ ਦਰਬਾਰ ਸਾਹਿਬ , ਅੰਮ੍ਰਿਤਸਰ ਕੋਲ ਭਾਈ ਦਸੌਂਧਾ ਸਿੰਘ ਦੀ ਧਰਮਸਾਲਾ ਵਿਚ 1914 ਨੂੰ ਸਿੱਖਾਂ ਦੀਆਂ ਪਛੜੀਆਂ ਸ਼੍ਰੇਣੀਆਂ ਦੀ ਇਕ ਇਕੱਤਰਤਾ ਸੱਦੀ। ਇਸ ਇਕੱਤਰਤਾ ਵਿਚ ਖ਼ਾਲਸਾ ਬਰਾਦਰੀ ਦੀ ਸਥਾਪਨਾ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਜਥੇਬੰਦੀ ਦੀ ਸਥਾਪਨਾ ਦਾ ਉਦੇਸ਼ ਪਛੜੀਆਂ ਸ਼੍ਰੇਣੀਆਂ ਅੰਦਰ ਸਿੱਖ ਸਿਧਾਂਤਾਂ ਦਾ ਪ੍ਰਚਾਰ , ਉਹਨਾਂ ਨੂੰ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਵਿਚ ਸ਼ਾਮਲ ਕਰਨਾ ਅਤੇ ਉਹਨਾਂ ਦੇ ਸਮਾਜਿਕ ਰਿਵਾਜਾਂ ਵਿਚ ਸੁਧਾਰ ਕਰਨਾ ਸੀ ਜਿਵੇਂ ਕਿ ਦਹੇਜ ਦੇਣ ਦੀ ਪ੍ਰਥਾ , ਵਿਆਹਾਂ ਸਮੇਂ ਦਿਖਾਵਾ ਕਰਨਾ, ਆਦਿ। ਜਲੰਧਰ ਜ਼ਿਲੇ ਵਿਚਲੇ ਪਿੰਡ ਸਰਹਾਲਾ ਕਾਜ਼ੀਆਂ ਦੇ ਈਸ਼ਰ ਸਿੰਘ ਨੂੰ ਪ੍ਰਧਾਨ ਅਤੇ ਮਹਿਤਾਬ ਸਿੰਘ ਨੂੰ ਜਨਰਲ ਸਕੱਤਰ ਚੁਣਿਆ ਗਿਆ। ਅੰਮ੍ਰਿਤਸਰ ਵਿਖੇ ਕੇਂਦਰੀ ਦਫ਼ਤਰ ਤੋਂ ਇਲਾਵਾ ਖ਼ਾਲਸਾ ਬਰਾਦਰੀ ਦੀਆਂ ਸ਼ਾਖ਼ਾਵਾਂ ਅੰਮ੍ਰਿਤਸਰ, ਲਾਹੌਰ , ਸਿਆਲਕੋਟ ਅਤੇ ਸ਼ੇਖ਼ੂਪੁਰਾ ਜ਼ਿਲਿਆਂ ਵਿਚ ਵੀ ਵੱਖ-ਵੱਖ ਥਾਵਾਂ ਤੇ ਖੋਲ੍ਹੀਆਂ ਗਈਆਂ। ਭਾਈ ਮਹਿਤਾਬ ਸਿੰਘ ਨੇ ਬਰਾਦਰੀ ਦੇ ਹਿਤਾਂ ਦੇ ਪ੍ਰਚਾਰ ਲਈ ਪੰਜਾਬੀ ਦਾ ਇਕ ਹਫ਼ਤਾਵਾਰੀ ਰਸਾਲਾ ਬੀਰ ਸ਼ੁਰੂ ਕਰ ਦਿੱਤਾ ਜਿਸ ਦਾ ਮੁੱਖ ਉਦੇਸ਼ ਜਾਤ-ਪਾਤ ਅਤੇ ਛੂਤ-ਛਾਤ ਵਿਰੋਧੀ ਮੁਹਿੰਮ ਨੂੰ ਘਰ-ਘਰ ਪਹੁੰਚਾਉਣਾ ਸੀ।

      11 ਅਤੇ 12 ਅਕਤੂਬਰ 1920 ਨੂੰ ਖ਼ਾਲਸਾ ਬਰਾਦਰੀ ਨੇ ਅੰਮ੍ਰਿਤਸਰ ਦੇ ਜਲ੍ਹਿਆਂਵਾਲਾ ਬਾਗ਼ ਵਿਖੇ ਇਕ ਵੱਡਾ ਧਾਰਮਿਕ ਸਮਾਗਮ ਕੀਤਾ ਜਿਸ ਵਿਚ ਖ਼ਾਲਸਾ ਕਾਲਜ ਦੇ ਕੁਝ ਪ੍ਰੋਫ਼ੈਸਰਾਂ ਨੇ ਵੀ ਹਿੱਸਾ ਲਿਆ। ਖ਼ਾਲਸਾ ਬਰਾਦਰੀ ਨੇ ਵੱਡੀ ਗਿਣਤੀ ਵਿਚ ਮਜ਼ਹਬੀ ਅਤੇ ਰਾਮਦਾਸੀਏ ਸਿੱਖਾਂ ਨੂੰ ਅੰਮ੍ਰਿਤ ਛਕਾਇਆ। ਰਸਮਾਂ ਦੇ ਅਖੀਰ ਵਿਚ 12 ਅਕਤੂਬਰ ਨੂੰ ਸੰਗਤਾਂ ਸ੍ਰੀ ਦਰਬਾਰ ਸਾਹਿਬ ਵੱਲ ਚੱਲ ਪਈਆਂ ਜਿੱਥੇ ਨਵੇਂ ਸ਼ਾਮਲ ਹੋਏ ਸਿੱਖਾਂ ਨੇ ਸੰਗਤ ਨੂੰ ਵਰਤਾਉਣ ਲਈ ਕੜਾਹ ਪ੍ਰਸਾਦ ਭੇਟ ਕਰਨਾ ਸੀ। ਸ੍ਰੀ ਦਰਬਾਰ ਸਾਹਿਬ ਦੇ ਪੁਜਾਰੀਆਂ ਨੇ ਉਹਨਾਂ ਦਾ ਕੜਾਹ ਪ੍ਰਸਾਦ ਪ੍ਰਵਾਨ ਕਰਨ ਅਤੇ ਉਹਨਾਂ ਲਈ ਅਰਦਾਸ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਵੱਖ-ਵੱਖ ਜਾਤਾਂ ਵਿਚੋਂ ਸਜੇ ਸਿੱਖਾਂ ਨਾਲ ਇਸ ਭੇਦ-ਭਾਵ ਪੂਰਨ ਵਤੀਰੇ ਦਾ ਤਿੱਖਾ ਵਿਰੋਧ ਹੋਇਆ। ਅਖੀਰ ਨੂੰ ਇਹ ਸਮਝੌਤਾ ਹੋਇਆ ਕਿ ਗੁਰੂ ਦਾ ਹੁਕਮਨਾਮਾ ਲਿਆ ਜਾਵੇ। ਸਿੱਖ ਪਰੰਪਰਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚੋਂ ਵਾਕ ਲਿਆ ਗਿਆ ਜੋ ਇਸ ਤਰ੍ਹਾਂ ਸੀ: ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥ (ਗੁ.ਗ੍ਰੰ. 638)। ਗੁਰੂ ਦਾ ਫ਼ੈਸਲਾ ਸਪਸ਼ਟ ਤੌਰ ਤੇ ਉਹਨਾਂ ਦੇ ਪੱਖ ਵਿਚ ਸੀ ਜਿਨ੍ਹਾਂ ਨੂੰ ਪੁਜਾਰੀ ਸ਼੍ਰੇਣੀ ਨੇ ਸਿੱਖ ਸਮੁਦਾਇ ਦਾ ਹਿੱਸਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਇਹ ਜਥਾ ਅਕਾਲ ਤਖ਼ਤ ‘ਤੇ ਅਰਦਾਸ ਕਰਨ ਲਈ ਗਿਆ ਪਰੰਤੂ ਪੁਜਾਰੀ ਤਖ਼ਤ ਖ਼ਾਲੀ ਛੱਡ ਕੇ ਚੱਲੇ ਗਏ। ਸੁਧਾਰਵਾਦੀ ਸਿੱਖਾਂ, ਭਾਈ ਕਰਤਾਰ ਸਿੰਘ ਝੱਬਰ ਅਤੇ ਭਾਈ ਤੇਜਾ ਸਿੰਘ ਭੁੱਚਰ , ਨੇ ਇਸ ਖਲਾਅ ਨੂੰ ਦੂਰ ਕਰਨ ਲਈ ਸ੍ਰੀ ਅਕਾਲ ਤਖ਼ਤ ਦੇ ਪ੍ਰਬੰਧ ਲਈ 25 ਸਿੱਖਾਂ ਦੀ ਇਕ ਕਮੇਟੀ ਬਣਾਈ ਜਿਸ ਵਿਚ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਿਤ ਕੁਝ ਸਿੱਖਾਂ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ਤਰ੍ਹਾਂ ਖ਼ਾਲਸਾ ਬਰਾਦਰੀ ਨੇ ਅਸਿੱਧੇ ਤੌਰ ਤੇ ਰੂੜ੍ਹੀਵਾਦੀ ਅਤੇ ਨਿਰਬਲ ਪੁਜਾਰੀ ਸ਼੍ਰੇਣੀ ਦੇ ਹੱਥੋਂ ਗੁਰਦੁਆਰਿਆਂ ਦਾ ਪ੍ਰਬੰਧ ਮੁਕਤ ਕਰਵਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਦਾ ਅਰੰਭ ਕਰ ਦਿੱਤਾ ਸੀ। ਉਨਾਂ ਨੇ ਇਸੇ ਸਮੇਂ ਅਖੌਤੀ ਨੀਵੀਂਆਂ-ਜਾਤਾਂ ਨਾਲ ਸੰਬੰਧਿਤ ਸਿੱਖਾਂ ਨੂੰ ਸਿੱਖ ਸਮਾਜ ਦੇ ਮੈਂਬਰ ਦੇ ਤੌਰ ਤੇ ਬਰਾਬਰੀ ਦਾ ਦਰਜਾ ਦੇਣ ਨੂੰ ਮਾਨਤਾ ਵੀ ਦਿੱਤੀ।

      1939-41 ਦੌਰਾਨ ਖ਼ਾਲਸਾ ਬਰਾਦਰੀ ਨੇ ਕਾਨਫ਼ਰੰਸਾਂ ਦੀ ਲੜੀ ਸ਼ੁਰੂ ਕਰਕੇ ਆਪਣੇ ਪਛੜੀ ਸ਼੍ਰੇਣੀ ਮੈਂਬਰਾਂ ਨੂੰ ਬੇਨਤੀ ਕੀਤੀ ਕਿ 1941 ਵਿਚ ਆਉਣ ਵਾਲੀ ਮਰਦਮਸ਼ੁਮਾਰੀ ਵਿਚ ਆਪਣੇ ਆਪ ਨੂੰ ਸਿੱਖਾਂ ਦੀ ਸੂਚੀ ਵਿਚ ਦਰਜ ਕਰਵਾਉਣ ਅਤੇ ਸਿੱਖ ਗੁਰਧਾਮਾਂ ਦੇ ਪ੍ਰਬੰਧ ਲਈ ਸਿੱਖਾਂ ਦੀ ਪ੍ਰਤਿਨਿਧ ਸੰਸਥਾ , ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਆਪਣੇ ਲਈ ਸੀਟਾਂ ਦੇ ਰਾਖਵੇਂ ਕਰਨ ਦੀ ਮੰਗ ਕਰਨ। ਇਹਨਾਂ ਨੇ ਹਥਿਆਰਬੰਦ ਫ਼ੌਜਾਂ ਵਿਚ ਮਜ਼ਹਬੀ ਅਤੇ ਰਾਮਦਾਸੀਏ ਸਿੱਖਾਂ ਦੀ ਭਰਤੀ ਦੀ ਮੰਗ ਵੀ ਕੀਤੀ। ਸਮੇਂ ਨਾਲ ਬਹੁਤ ਸਾਰੀਆਂ ਮੰਗਾਂ ਮੰਨੀਆਂ ਜਾਣ ਕਰਕੇ, ਬਰਾਦਰੀ ਹੁਣ ਬੇਲੋੜੀ ਹੋ ਗਈ ਸੀ। 1960 ਵਿਚ ਇਸ ਦੇ ਸੰਸਥਾਪਿਕ ਭਾਈ ਮਹਿਤਾਬ ਸਿੰਘ ਬੀਰ ਦੇ ਸੁਰਗਵਾਸ ਹੋਣ ਤੋਂ ਬਾਅਦ ਇਸ ਦੀ ਹੋਂਦ ਖ਼ਤਮ ਹੋ ਗਈ ਸੀ।


ਲੇਖਕ : ਪ.ਸ.ਗ. ਅਤੇ ਅਨੁ.: ਪ.ਵ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1182, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.